ਵਫ਼ਾਦਾਰੀ, ਮੁਹੱਬਤ, ਜਜ਼ਬਿਆਂ ਨੂੰ ਕੌਣ ਪੁਛਦਾ ਹੈ।
ਇਹ ਨਗਰੀ ਡਾਲਰਾਂ ਦੀ ਹੈ, ਦਿਲਾਂ ਨੂੰ ਕੌਣ ਪੁਛਦਾ ਹੈ।
ਚੜ੍ਹੇ ਹਫ਼ਤੇ ਮਿਲ਼ੇ ਜੇ ਚੈੱਕ, ਤਾਂ ਕੁਝ ਕਦਰ ਕਰਦੇ ਹੋ,
ਮਹੀਵਾਲੋ ! ਨਹੀਂ ਤਾਂ ਸੁਹਣੀਆਂ ਨੂੰ ਕੌਣ ਪੁਛਦਾ ਹੈ।
ਹਰਿੱਕ ਨੇ ਆਪਣੇ ਹਿਤ ਪਾਲ਼ੇ ਨੇ, ਦਿਲ ਕਾਲ਼ੇ, ਲਹੂ ਚਿੱਟਾ,
ਭਲਾ ਏਥੇ, ਲਹੂ ਦੇ ਰਿਸ਼ਤਿਆਂ ਨੂੰ ਕੌਣ ਪੁਛਦਾ ਹੈ।
ਠਰੇ ਮੌਸਮ ‘ਚ ਦਿਲ ਵੀ ਠਰ ਗਏ, ਇਸ ਮੁਲਖ਼ ਵਿਚ ਬਾਪੂ,
ਤਰਸਦੇ ਧੁੱਪ ਨੂੰ, ਤੂਤਾਂ ਦੀ ਛਾਂ ਨੂੰ ਕੌਣ ਪੁਛਦਾ ਹੈ।
ਰੁਝੇਵੇਂ ਅਪਣਿਆਂ ਵਿੱਚੋਂ ਕਿਸੇ ਆਪਣੇ ਦੀ ਸੁੱਧ ਲਈਏ,
ਨਹੀਂ ਫ਼ੁਰਸਤ, ਭਲਾ ਬੇਗਾਨਿਆਂ ਨੂੰ ਕੌਣ ਪੱਛਦਾ ਹੈ।
ਸਜਾ ਰੱਖੇ ਨੇ ਮਹਿੰਗੇ ਬਸਤਰਾਂ ਦੇ ਨਾਲ਼ ਤਨ ਅਪਣੇ,
ਜੇ ਮਨ ਜ਼ਖ਼ਮੀ, ਮਨਾਂ ਦਾ ਕੀ, ਮਨਾਂ ਨੂੰ ਕੌਣ ਪੁਛਦਾ ਹੈ।
ਬਿਨਾਂ ਸ਼ੱਕ ਯਾਦ ਤਾਂ ਕਰਦੇ ਨੇ ਪਰ ਨਾ ਪਰਤਦੇ ਲੋਕੀ,
ਮਹਾਂਨਗਰੀ ‘ਚ ਰਹਿ ਕੇ ਹੁਣ, ਗਰਾਂ ਨੂੰ ਕੌਣ ਪੁਛਦਾ ਹੈ।
ਖ਼ੁਸ਼ੀ ਵਿਚ ਨਾ ਸਹੀ, ਤੂੰ ਆਪਣੀਆਂ ਮਜਬੂਰੀਆਂ ਤੇ ਹਸ,
ਇਹ ਦੁਨੀਆਂ ਹਸਦਿਆਂ ਦੀ, ਰੋਂਦਿਆਂ ਨੂੰ ਕੌਣ ਪੁਛਦਾ ਹੈ।
No comments:
Post a Comment